16/06/2026
ਸੰਗਰਾਂਦ ਮੌਕੇ ਮਾਤਾ ਗੰਗਾ ਖ਼ਾਲਸਾ ਕਾਲਜ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਧਾਰਮਿਕ ਸਾਹਿਤ ਵੰਡਣ ਦਾ ਵਿਸ਼ੇਸ਼ ਉਪਰਾਲਾ
ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਲਾਇਬ੍ਰੇਰੀ ਵਿਭਾਗ ਵੱਲੋਂ ਮਿਤੀ 15 ਜੂਨ 2026 ਨੂੰ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਜਾਗਰੂਕਤਾ ਮੁਹਿੰਮ ਤਹਿਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸੰਗਤਾਂ ਵਿੱਚ ਧਾਰਮਿਕ ਸਾਹਿਤ ਅਤੇ ਗੁਰਮਤਿ ਲਿਟਰੇਚਰ ਵੰਡਿਆ ਗਿਆ। ਇਸ ਉਪਰਾਲੇ ਦਾ ਉਦੇਸ਼ ਸੰਗਤਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ-ਮੁੱਲਾਂ ਨਾਲ ਜੋੜਨਾ ਸੀ।
ਲਾਇਬ੍ਰੇਰੀਅਨ ਮਨਦੀਪ ਕੌਰ ਅਤੇ ਅਸਿਸਟੈਂਟ ਲਾਇਬ੍ਰੇਰੀਅਨ ਬਲਜੀਤ ਕੌਰ ਦੀ ਅਗਵਾਈ ਹੇਠ ਲਾਇਬ੍ਰੇਰੀ ਵਿਭਾਗ ਵੱਲੋਂ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਪੁਸਤਕਾਵਾਂ, ਗੁਰਬਾਣੀ ਸੰਬੰਧੀ ਸਾਹਿਤ ਅਤੇ ਪ੍ਰੇਰਨਾਦਾਇਕ ਪ੍ਰਕਾਸ਼ਨ ਵੰਡੇ ਗਏ। ਇਸ ਮੌਕੇ ਸੰਗਤਾਂ ਨੇ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਮਾਜ ਵਿੱਚ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਇਸ ਮੌਕੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦਾ ਖਜ਼ਾਨਾ ਹੋਣ ਦੇ ਨਾਲ-ਨਾਲ ਚੰਗੇ ਵਿਚਾਰਾਂ ਅਤੇ ਸੰਸਕਾਰਾਂ ਦੇ ਪ੍ਰਸਾਰ ਦਾ ਵੀ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਾਹਿਤ ਮਨੁੱਖ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਨੈਤਿਕ ਫਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ। ਉਨ੍ਹਾਂ ਲਾਇਬ੍ਰੇਰੀ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ, ਵਿਦਿਅਕ ਅਤੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸਮਾਜ ਦੀ ਸੇਵਾ ਲਈ ਵਚਨਬੱਧ ਰਹੇਗਾ।
ਲਾਇਬ੍ਰੇਰੀਅਨ ਮਨਦੀਪ ਕੌਰ ਨੇ ਦੱਸਿਆ ਕਿ ਲਾਇਬ੍ਰੇਰੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਪੁਸਤਕ ਪ੍ਰਦਰਸ਼ਨੀਆਂ, ਪਾਠਕ ਜਾਗਰੂਕਤਾ ਮੁਹਿੰਮਾਂ ਅਤੇ ਧਾਰਮਿਕ ਸਾਹਿਤ ਵੰਡਣ ਵਰਗੇ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਅਤੇ ਸਮਾਜ ਵਿੱਚ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਉਪਰਾਲਾ ਲਾਇਬ੍ਰੇਰੀ ਵਿਭਾਗ ਦੀ ਸਮਾਜ ਪ੍ਰਤੀ ਵਚਨਬੱਧਤਾ ਅਤੇ ਧਾਰਮਿਕ-ਸੱਭਿਆਚਾਰਕ ਕਦਰਾਂ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਪ੍ਰਤੀਕ ਹੈ।