24/11/2021
ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥
ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥
ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅੰਮਿ੍ਰਤਸਰ ਸਾਹਿਬ ਵਿਖੇ 1 ਅਪ੍ਰੈਲ 1621 ਨੂੰ ਪੰਜ ਭੌਤਕ ਸਰੀਰ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਏ। ਆਪ ਦੇ ਜਨਮ ਅਸਥਾਨ ਨੂੰ ‘ਗੁਰੂ ਕੇ ਮਹਿਲ’ ਦੇ ਪਵਿੱਤਰ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇਂ ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਤੇਗ ਬਹਾਦਰ ਜੀ ਪੰਜ ਸਾਲ ਦੇ ਸਨ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਵਿੱਦਿਆ ਅਤੇ ਸ਼ਸਤਰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਿੱਛੋਂ ਭਾਈ ਗੁਰਦਾਸ ਜੀ ਤੇ ਹੋਰ ਕਈ ਵਿਦਵਾਨ ਆਪ ਜੀ ਨੂੰ ਸਿੱਖਿਆ ਦੇ ਗੁਰ ਸਮਝਾਉਣ ਲੱਗ ਪਏ। ਆਪ ਨੇ ਗੁਰੂ ਪਿਤਾ ਪਾਸੋਂ ਸੂਰਮਗਤੀ, ਬਹਾਦਰੀ, ਦਲੇਰੀ, ਨਿਰਭੈਤਾ ਅਤੇ ਮਾਤਾ ਜੀ ਪਾਸੋਂ ਉਪਕਾਰ ਤੇ ਕੋਮਲਤਾ ਜਿਹੇ ਮਹਾਨ ਗੁਣ ਗ੍ਰਹਿਣ ਕੀਤੇ। ਉਹ ਬਚਪਨ ਵਿਚ ਹੀ ਧਿਆਨ ਤੇ ਸਮਾਧੀ ਵਿਚ ਲੀਨ ਹੋ ਜਾਂਦੇ ਸਨ।
ਸ੍ਰੀ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਸਨ। ਇਸ ਤੋਂ ਬਿਨਾਂ ਗੁਰੂ ਜੀ ਨੂੰ ‘ਧਰਮ ਦੀ ਚਾਦਰ’, ‘ਜਗਤ ਦੀ ਚਾਦਰ’ ਅਤੇ ‘ਸਿ੍ਰਸ਼ਟੀ ਦੀ ਚਾਦਰ’ ਵੀ ਕਿਹਾ ਜਾਂਦਾ ਹੈ। ਉਹ ਹਰੇਕ ਵਿਅਕਤੀ, ਧਰਮ, ਸੱਭਿਆਚਾਰ ਤੇ ਵਿਚਾਰ ਦੇ ਰਾਖੇ ਸਨ। ਉਹ ਸਮਾਜ ਦੇ ਹਰ ਧਰਮ ਤੇ ਵਰਗ ਦੇ ਅਧਿਕਾਰਾਂ ਦਾ ਆਦਰ ਕਰਦੇ ਸਨ। ਉਹ ਮਹਾਨ ਤਿਆਗੀ, ਤਪੱਸਵੀ, ਉਦਾਰਚਿਤ ਤੇ ਪਰਉਪਕਾਰੀ ਸਨ। ਉਹ ਰਾਗਾਂ ਦੇ ਗਿਆਤਾ ਸਨ। ਉਹ ਜੀਵਨ ਭਰ ਜਬਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ।
ਜਦੋਂ ਔਰੰਗਜ਼ੇਬ ਨੇ ਮੰਦਰ ਅਤੇ ਮਦਰੱਸੇ ਆਦਿ ਢਾਹ ਦਿੱਤੇ ਤਦ ਮੁਲਕ ਦੇ ਚਿੰਤਾਜਨਕ ਹਾਲਾਤ ਬਣ ਗਏ। ਅਜਿਹੇ ਸੰਕਟ ਵੇਲੇ ਗੁਰੂ ਜੀ ਨੇ ਲੋਕ ਹਿੱਤਾਂ ਤੇ ਸਗਲ ਧਰਮਾਂ ਦੀ ਰਾਖੀ ਵਾਸਤੇ 11 ਨਵੰਬਰ 1675 ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉੱਤੇ ਸ਼ਹੀਦੀ ਦਿੱਤੀ।
ਉਹ ਮਹਾਨ ਪੁਰਖ ਸਨ ਜਿਨ੍ਹਾਂ ਨੇ ਹਿੰਦੂਆਂ ਦੇ ਤਿਲਕ ਜੰਞੂ ਦੀ ਰਾਖੀ ਲਈ ਸੀਸ ਦਿੱਤਾ। ਉਹ ਸ਼ਹੀਦੀ ਪਾਉਣ ਉਪਰੰਤ ਲੋਕ-ਹਿਤ, ਲੋਕ-ਧਰਮ ਅਤੇ ਲੋਕ ਕਲਿਆਣ ਦੇ ਪ੍ਰਤੀਨਿਧ ਬਣੇ। ਉਨ੍ਹਾਂ ਨੇ ਧਾਰਮਿਕ ਕੱਟੜਤਾ, ਸੰਕੀਰਣਤਾ ਅਤੇ ਨਫ਼ਰਤ ਵਿਰੁੱਧ ਆਵਾਜ਼ ਉਠਾਈ। ਗੁਰੂ ਤੇਗ ਬਹਾਦਰ ਜੀ ਰੂਹਾਨੀ ਸੁਤੰਤਰਤਾ, ਸਾਂਝੀਵਾਲਤਾ ਤੇ ਮਾਨਵਤਾ ਲਈ ਧਰਮ ਯੁੱਧ ਕਰਦੇ ਰਹੇ।
ਗੁਰੂ ਤੇਗ ਬਹਾਦਰ ਦੀ ਬਾਣੀ ਉਪਦੇਸ਼ਾਤਮਕ, ਸੰਦੇਸ਼ਾਤਮਕ ਤੇ ਸੰਬੋਧਨਾਤਮਕ ਹੈ, ਜੋ ਮਾਇਆ ਦੇ ਜਾਲ ਅਤੇ ਮਿ੍ਰਤੂ ਦੇ ਭੈਅ ਤੋਂ ਮੁਕਤ ਕਰਦੀ ਹੈ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਸਮਦਰਸ਼ੀ ਦਿ੍ਰਸ਼ਟੀ ਅਪਨਾਉਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਜੀ ਸਾਰੀ ਉਮਰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਾਤਰਾਵਾਂ ਕਰਦੇ ਰਹੇ। ਉਨ੍ਹਾਂ ਵਿਚ ਪ੍ਰਭੂ ਪ੍ਰਤੀ ਭਗਤੀ ਭਾਵ ਅਤੇ ਜਾਲਮ (ਰਾਜਿਆਂ) ਵਿਰੁੱਧ ਵੀਰਤਾ ਵਾਲੇ ਭਾਵ ਸਨ। ਉਹ ਮਹਾਨ ਸੂਰਬੀਰ ਸਨ, ਜਿਨ੍ਹਾਂ ਨੇ ਕਮਜ਼ੋਰਾਂ, ਗ਼ਰੀਬਾਂ ਅਤੇ ਸਹਿਮੇ ਹੋਏ ਲੋਕਾਂ ਦੀ ਨਿਰਭੈ ਹੋ ਕੇ ਮਦਦ ਹੀ ਨਹੀਂ ਕੀਤੀ ਸਗੋਂ ਬਲੀਦਾਨ ਦੇ ਕੇ ਨਵਾਂ ਇਤਿਹਾਸ ਸਿਰਜਿਆ।
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥