17/04/2026
*ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਟਿੱਬਾ ਟੱਪਰੀਆਂ (ਰੋਪੜ) ਵਿਖੇ ਲਗਾਇਆ ਐਡਵੈਂਚਰ ਕੈਂਪ**
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਦੇ ਪੰਜ ਵਲੰਟੀਅਰਾਂ ਨੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ 11 ਅਪ੍ਰੈਲ ਤੋਂ 15 ਅਪ੍ਰੈਲ 2026 ਦੌਰਾਨ ਟਿੱਬਾ ਟੱਪਰੀਆਂ (ਰੋਪੜ) ਵਿਖੇ ਐਡਵੈਂਚਰ, ਹਾਈਕਿੰਗ ਅਤੇ ਟ੍ਰੈਕਿੰਗ ਕੈਂਪ ਲਗਾਇਆ। ਇਸ ਕੈਂਪ ਦਾ ਮੁੱਖ ਉਦੇਸ਼ ਵਲੰਟੀਅਰਾਂ ਵਿੱਚ ਸਾਹਸੀ ਰੁਚੀਆਂ ਪੈਦਾ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਸੀ। 11 ਅਪ੍ਰੈਲ ਨੂੰ ਕਾਲਜ ਪ੍ਰਿੰਸੀਪਲ ਜੀ ਵੱਲੋਂ ਵਲੰਟੀਅਰਾਂ ਨੂੰ ਇਸ ਮੁਹਿੰਮ ਲਈ ਰਵਾਨਾ ਕੀਤਾ ਗਿਆ।
ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਨੇ ਬੈਡਮਿੰਟਨ ਅਤੇ ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲਿਆ। ਤੀਸਰੇ ਦਿਨ ਵਲੰਟੀਅਰਾਂ ਨੇ ਇੱਕ ਚੁਣੌਤੀਪੂਰਨ ਅਤੇ ਸਾਹਸੀ ਸਫ਼ਰ ਤੈਅ ਕੀਤਾ। ਇਹ ਟ੍ਰੈਕ ਕੁੱਲ **32 ਕਿਲੋਮੀਟਰ** ਲੰਬਾ ਸੀ, ਜਿਸ ਨੂੰ ਵਲੰਟੀਅਰਾਂ ਨੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ 7 ਘੰਟੇ ਦੀ ਮਿਹਨਤ ਨਾਲ ਪੂਰਾ ਕੀਤਾ। ਇਸ ਟ੍ਰੈਕ ਦੌਰਾਨ ਵਲੰਟੀਅਰਾਂ ਨੇ ਕੁਦਰਤ ਦੇ ਵੱਖ-ਵੱਖ ਰੰਗਾਂ ਦਾ ਅਨੁਭਵ ਕੀਤਾ, ਜਿਸ ਵਿੱਚ ਸੰਘਣੇ ਜੰਗਲ, ਜੰਗਲੀ ਜੀਵਾਂ ਦਾ ਸਾਹਮਣਾ, ਪੁਰਾਣੀਆਂ ਇਤਿਹਾਸਕ ਥਾਵਾਂ, ਦਰਿਆਈ ਕੰਢੇ ਅਤੇ ਕੁਦਰਤੀ ਪਹਾੜੀ ਰਸਤੇ ਸ਼ਾਮਲ ਸਨ।
ਇਸ ਟ੍ਰੈਕਿੰਗ ਦੌਰਾਨ ਵਲੰਟੀਅਰਾਂ ਨੇ ਵੱਖ-ਵੱਖ ਪੜਾਵਾਂ (ਚੈੱਕ ਪੁਆਇੰਟਸ) ਨੂੰ ਪਾਰ ਕੀਤਾ। ਸਫ਼ਰ ਦੀ ਸ਼ੁਰੂਆਤ ਖੱਡ ਬਾਥਲੋਰ (5 ਕਿ.ਮੀ.) ਤੋਂ ਹੋਈ, ਜਿਸ ਤੋਂ ਬਾਅਦ ਉਹ ਓਲਡ ਹੱਟ (10 ਕਿ.ਮੀ.), ਜੰਗਲ ਟੈਂਪਲ (7 ਕਿ.ਮੀ.), ਸੂਸਾਈਡ ਪੁਆਇੰਟ (1 ਕਿ.ਮੀ.) ਅਤੇ ਗੁਰਦੁਆਰਾ ਸਾਹਿਬ (2 ਕਿ.ਮੀ.) ਹੁੰਦੇ ਹੋਏ ਵਾਪਸ ਟਿੱਬਾ ਟੱਪਰੀਆਂ ਬੇਸ ਕੈਂਪ (7 ਕਿ.ਮੀ.) ਪਹੁੰਚੇ। ਕੈਂਪ ਦੇ ਸਾਰੇ ਦਿਨਾਂ ਦੌਰ ਸਰੀਰਕ ਵਰਜ਼ਿਸ਼ ਅਤੇ ਸਮੂਹਿਕ ਗਤੀਵਿਧੀਆਂ ਉਤਸਾਹਿਤ ਕੀਤਾ ਗਿਆ। ਇਸ ਮੁਹਿੰਮ ਵਿੱਚ ਵਲੰਟੀਅਰ ਸੌਰਵ ਸਿੰਘ, ਮਨਖੁਸ਼ ਕੁਮਾਰ, ਲਵਜੀਤ ਸਿੰਘ, ਸੁਦੇਸ਼ ਅਤੇ ਅਰਜੁਨ ਕੁਮਾਰ ਨੇ ਆਪਣੀ ਹੌਸਲੇ ਅਤੇ ਅਨੁਸ਼ਾਸਨ ਦਾ ਸਬੂਤ ਦਿੱਤਾ।
ਇਹ ਕੈਂਪ ਵਲੰਟੀਅਰਾਂ ਲਈ ਬਹੁਤ ਸਿੱਖਿਆਦਾਇਕ ਰਿਹਾ, ਜਿੱਥੇ ਉਨ੍ਹਾਂ ਨੇ ਸਮੂਹਿਕ ਗਤੀਵਿਧੀਆਂ ਅਤੇ ਔਖੀਆਂ ਪਰਿਸਥਿਤੀਆਂ ਵਿੱਚ ਜਿਊਣ ਦੀ ਕਲਾ ਸਿੱਖੀ। ਪ੍ਰਿੰਸੀਪਲ ਡਾ. ਜਯੋਤਸਨਾ ਜੀ ਨੇ ਵਲੰਟੀਅਰਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਅਮਿੱਟ ਯਾਦਾਂ ਛੱਡਦਾ ਹੋਇਆ ਇਹ ਕੈਂਪ ਵਲੰਟੀਅਰਾਂ ਲਈ ਇੱਕ ਯਾਦਗਾਰੀ ਅਨੁਭਵ ਹੋ ਨਿੱਬੜਿਆ। ਵਲੰਟੀਅਰਾਂ ਦੀ ਅਗਵਾਈ ਦੀ ਭੂਮਿਕਾ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਦੀਪਕ ਸ਼ਰਮਾ ਨੇ ਨਿਭਾਈ।